ਮੁਕਤਸਰ ਸਾਹਿਬ ਦੇ ਲੰਬੀ ਦੇ ਸਿੰਘੇਵਾਲਾ ਪਿੰਡ ਵਿੱਚ ਇੱਕ ਗ਼ੈਰ-ਕਾਨੂੰਨੀ ਪਟਾਕਾ ਫ਼ੈਕਟਰੀ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ, ਜ਼ਿਲ੍ਹਾ ਪੁਲਿਸ ਨੇ ਫ਼ੈਕਟਰੀ ਮਾਲਕ ਤਰਸੇਮ ਸਿੰਘ ਅਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਤਰਸੇਮ ਸਿੰਘ ਦਾ ਪੁੱਤਰ ਨਵਰਾਜ ਸਿੰਘ ਅਤੇ ਲੇਬਰ ਠੇਕੇਦਾਰ ਰਾਜ ਕੁਮਾਰ ਸ਼ਾਮਲ ਹਨ। ਪੁਲਿਸ ਨੇ ਪਿਓ-ਪੁੱਤ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਚਾਰ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਲੰਬੀ ਹਲਕੇ ਦੇ ਸਿੰਘੇਵਾਲਾ ਪਿੰਡ ਦੇ ਖੇਤਾਂ ਵਿੱਚ ਤਰਸੇਮ ਸਿੰਘ ਦੀ ਪਟਾਕਾ ਫ਼ੈਕਟਰੀ ਵਿੱਚ ਇੱਕ ਵੱਡਾ ਧਮਾਕਾ ਹੋਇਆ ਸੀ। ਜਿਸ ਤੋਂ ਬਾਅਦ ਭਗਦੜ ਮਚ ਗਈ ਅਤੇ ਦੋ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ।
ਜਦੋਂ ਕਿ ਲਗਭਗ 33 ਲੋਕ ਜ਼ਖ਼ਮੀ ਹੋ ਗਏ ਸਨ। ਘਟਨਾ ਤੋਂ ਬਾਅਦ, ਲੇਬਰ ਠੇਕੇਦਾਰ ਰਾਜ ਕੁਮਾਰ ਫ਼ਰਾਰ ਸੀ ਪਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਅਦ ਵਿੱਚ ਉਸ ਦਾ ਨਾਮ ਐਫਆਈਆਰ ਵਿੱਚ ਸ਼ਾਮਲ ਕੀਤਾ ਗਿਆ ਸੀ।